Friday, October 6, 2017

ਅਣਦੇਖੀ ਪੀੜੀ ਨੂੰ ਸ਼ਰਧਾਂਜਲੀ

ਮਨ ਵਿਚ ਟੀਸ ਸੀ ਬਚਪਨ ਤੋਂ,
ਪਰ ਕਦੇ ਵੀ ਕਿਸੇ ਨੂੰ ਕਹਿ ਨਾ ਪਾਇਆ।
ਨਾਨਾ ਜੀ ਅਤੇ ਦਾਦਾ ਜੀ ਦੇ ਪਿਆਰ ਨੂੰ,
ਹਰਮਨ ਕਦੇ ਮਹਿਸੂਸ ਨਾ ਕਰ ਪਾਇਆ।

ਪਤਾ ਨਹੀਂ ਕਿਸ ਗੱਲ ਦੀ ਘਾਟ ਰਹਿ ਗਈ ਸ਼ਰਧਾ ਵਿਚ,
ਕਿ ਅਕਾਲ ਪੁਰਖ ਨੇ ਇਹੋ ਜਿਹਾ ਖੇਡ ਰਚਾਇਆ।
ਨਾ ਮੈਂ ਆਪਣੇ ਜਠੇਰਿਆਂ ਦੇ ਦਰਸ਼ਨ ਕਰ ਸਕਿਆ,
ਨਾ ਉਹਨਾਂ ਮੇਰੇ ਨਾਲ ਕੋਈ ਲਾਡ ਲਡਾਇਆ।



ਕੀ ਸਿਫਤ ਕਰਾਂ ਮੈਂ ਆਪਣੇ ਨਾਨੇ ਦੀ ਲੋਕੋ,
ਕੁਦਰਤ ਅਜਿਹਾ ਸ਼ਖ਼ਸ ਬਣਾਇਆ।
ਉਜੜਕੇ ਤਾਂ ਆਇਆ ਪਾਕਿਸਤਾਨ ਤੋਂ ਪਰ,
ਤਰਨ ਤਾਰਨ ਵਿਚ ਅਰੂੜ ਸਿੰਘ ਵੈਦ ਨਾਂ ਚਮਕਾਇਆ।

ਕਈ ਲੋੜਵੰਦਾਂ ਅਤੇ ਗਰੀਬਾਂ ਉਸ ਕੋਲੋਂ,
ਪੁੜੀਆਂ ਲੈਕੇ ਆਪਣਾ ਦੁੱਖ ਤੇ ਰੋਗ ਮਿਟਾਇਆ।
ਸੋਹਣਾ ਰੰਗ ਰੂਪ ਤੇ ਦਇਆਲੂ ਸ਼ਖ਼ਸੀਅਤ ਲੈਕੇ,
ਕਈ ਆਪਣਿਆਂ ਤੇ ਪਰਾਇਆਂ ਦੇ ਸੁਪਨਿਆਂ ਨੂੰ ਸੱਚ ਕਰਾਇਆ।

ਇਨ੍ਹਾਂ ਗੁਰਮੁਖ ਸੁਭਾਅ ਸੀ ਉਸਦਾ ਕਿ,
ਉਹ ਰੱਬ ਦਾ ਹੁਕਮ ਟਾਲ ਨਾ ਪਾਇਆ।
ਭਰੀ ਜੁਆਨੀ ਅਕਾਲ ਚਲਾਣਾ ਕਰਕੇ,
ਸਾਰਾ ਤਰਨ ਤਾਰਨ ਸ਼ਹਿਰ ਰੁਵਾਇਆ।



ਆਪਣੇ ਦਾਦੇ ਬਾਰੇ ਕੀ ਲਿਖਾਂ ਮੈਂ,
ਉਸਨੇ ਤਾਂ ਆਪਣੇ ਪੋਤੇ ਨਾਲ ਚੰਗਾ ਰੋਸਾ ਪਾਇਆ।
ਤਕਲੀਫ਼ਾਂ ਤੇ ਹਾਲਾਤਾਂ ਨਾਲ ਲੜਦੇ-ਲੜਦੇ,
ਸਾਡੇ ਪਿਓ-ਚਾਚੇ ਨਾਲ ਵੀ ਛੋਟੀ ਉਮਰੇ ਵਿਛੋੜਾ ਪਾਇਆ।

ਗੁਰਸਿਖੀ ਸਿਧਾਂਤ ਤੇ ਸਦਾਚਾਰਕ ਜੀਵਨ,
ਇਹੀ ਪਾਠ ਉਸਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ।
ਵੱਡੀ ਜਾਗੀਰ ਜਾਂ ਸਰਮਾਏ ਦੀ ਥਾਂ ਉਸਨੇ,
ਸੰਸਕਾਰਾਂ ਦਾ ਖ਼ਜ਼ਾਨਾ ਆਪਣੇ ਬੱਚਿਆਂ ਦੇ ਨਾਂ ਕਰਵਾਇਆ।

ਅੱਗੋਂ ਬੱਚਿਆਂ ਨੇ ਵੀ ਉਸਦੀ ਲਾਜ ਰੱਖੀ,
ਅਤੇ ਉਸਦੇ ਸੰਸਕਾਰਾਂ ਦਾ ਮੁੱਲ ਪੁਆਇਆ।
ਸਖ਼ਤ ਮਿਹਨਤ ਤੇ ਇਮਾਨਦਾਰੀ ਦੀ ਮਿਸਾਲ ਬਣਕੇ,
ਸਮਾਜ ਵਿਚ ਚੰਗਾ ਰੁਤਬਾ ਵੀ ਕਮਾਇਆ।

ਜੇ ਅੱਜ ਹੁੰਦੇ ਦੋਵੇਂ ਬਾਬੇ ਤਾਂ ਮੈਂ ਪੁੱਛਦਾ,
ਤੁਹਾਨੂੰ ਆਪਣੇ ਦੋਹਤੇ-ਪੋਤੇ ਤੇ ਕਦੇ ਪਿਆਰ ਨਾਂ ਆਇਆ?
ਆਮੋ-ਸਾਹਮਣੇ ਮਿਲਣ ਦਾ ਮੌਕਾ ਤੇ ਕਦੇ ਨਾਂ ਮਿਲਿਆ,
ਪਰ ਸੁਪਨੇ'ਚ ਵੀ ਮੈਨੂੰ ਦੋਵਾਂ'ਚੋਂ ਅਸ਼ੀਰਵਾਦ ਦੇਣ ਕੋਈ ਕਿਓਂ ਨਾਂ ਆਇਆ?

ਮੰਨਦਾ ਹਾਂ ਕਿ ਮੈਂ ਅਜੇ ਸੱਤੇ ਕੁਲਾਂ ਤਾਰੀਆਂ ਨਾਂ,
ਪਰ ਤੁਹਾਡਾ ਨਾਂ ਮੈਂ ਮਿੱਟੀ'ਚ ਵੀ ਨਾਂ ਮਿਲਾਇਆ।
ਲੋਕੀਂ ਮੰਦਰ-ਗੁਰਦਵਾਰੇ ਬਣਾ ਦਿੰਦੇ ਪਿਤਰਾਂ ਪਿੱਛੇ,
ਹਰਮਨ ਨੇ ਤਾਂ ਬੈਠਕੇ ਸਿਰਫ ਕਲਮ ਨੂੰ ਹੀ ਚਲਾਇਆ।

ਮਹੱਲ ਅਤੇ ਇਮਾਰਤਾਂ ਸਮੇਂ ਨਾਲ ਹੋ ਜਾਂਦੀਆਂ ਨੇ ਖੰਡਰ,
ਪਰ ਸਦਾ ਅਟੱਲ ਰਹਿੰਦਾ ਸ਼ਬਦਾਂ ਦਾ ਸਰਮਾਇਆ।
ਹਰਮਨ ਸਿੰਘ ਵਲੋਂ ਬੇਫਿਕਰ ਰਹੋ ਸਾਡੇ ਜਠੇਰਿਓਂ,
ਮੌਤ ਨੇ ਵੀ ਇਸਨੂੰ ਆਪਣੇ ਫ਼ਰਜ਼ਾਂ ਤੋਂ ਕਦੇ ਨਾਂ ਭਜਾਇਆ।