Wednesday, June 22, 2016

ਸਰਬੱਤ ਦੇ ਭਲੇ ਦੀ ਅਰਦਾਸ (Religion Vs Magic)



ਮੇਰਾ ਦਿੱਲ ਪਸੀਜੇ, ਨਬਜ ਖਲੋਵੇ ਤੇ ਮਗਜ ਸੁੰਨ ਹੋ ਜਾਵੇ,
ਰੂਹ ਮੇਰੀ ਨੂੰ ਆਉਣ ਕੁਚੀਚੀਆਂ, ਸਰੀਰ ਛੱਡਣ ਨੂੰ ਆਵੇ।

ਕਿਸਦਾ ਆਸਰਾ, ਕਿਸਦੀ ਕਿਰਪਾ, ਜ਼ਿੰਦਗੀ ਤੁਰਦੀ ਹੀ ਜਾਵੇ,
ਕਈ ਸਿਆਣਪਾਂ ਅਜ਼ਮਾ ਲਾਈਆਂ, ਪਰ ਕੁਝ ਵੀ ਸਮਝ ਨਾ ਆਵੇ।

ਰੱਬ ਦੇ ਰੰਗਾਂ ਵਿੱਚ ਰਹਿਣਾ ਹੀ, ਅਸਲ ਜੀਣ ਦਾ ਢੰਗ ਅਖਵਾਵੇ,
ਭਾਣਾ ਮੰਨਕੇ ਵੀ ਬੇਚੈਨੀ ਰਹਿਣਾ, ਇਹ ਵੀ ਉਸਦੀ ਹੀ ਰਜ਼ਾ ਕਰਾਵੇ।

ਭੂਤ-ਭਵਿੱਖ ਵਿੱਚ ਫਸੀ ਸੋਚ ਦਾ, ਕਿਥੋਂ ਇਲਾਜ ਕਰਾਵੇ,
ਵਰਤਮਾਨ ਵਿੱਚ ਪਿਆ ਖ਼ਜ਼ਾਨਾ, ਚਿੰਤਾ ਵਿੱਚ ਹੀ ਲੁਟਾਵੇ।

ਨੇਕੀਆਂ ਬਦੀਆਂ ਦਾ ਹਿਸਾਬ ਕਰਦਾ, ਆਪਣੀ ਹੀ ਮਤ ਮਰਵਾਵੇ,
ਟੂਣੇ-ਟੋਟਕੇ ਤੇ ਡਾਕਟਰੀ ਇਲਾਜਾਂ, ਵਿੱਚ ਹੀ ਫਸਿਆ ਰਹਿ ਜਾਵੇ।

ਊਂਚ-ਨੀਚ ਦਾ ਹਿਸਾਬ ਕਰਦਾ, ਸਦਾ ਆਪਣੀ ਹੀ ਔਕਾਤ ਭੁਲਾਵੇ,
ਰੱਬ ਭੁਲਾਕੇ ਤੇ ਬੰਦਿਆਂ ਨੂੰ ਮੰਨਕੇ, ਜੀਵਨ ਵਿਅਰਥ ਗਵਾਵੇ।

ਉੱਚੀਆਂ ਉਡਾਰੀਆਂ ਤੇ ਸੋਹਣੀਆਂ ਪਰੀਆਂ, ਦੇ ਸੁਪਨੇ ਟੁੱਟਣ ਤੇ ਪਛਤਾਵੇ,
ਜੋ ਮਰ-ਜਾਣੀ ਡੈਨ ਨੇ ਕਾਲਾ ਟੂਣਾ ਕਰਾਇਆ, ਓਹਦਾ ਇਲਾਜ ਹਰਮਨ ਕਿਥੋਂ ਕਰਾਵੇ?

ਸਾੜੇ ਵਿਚ ਕੀਤੇ ਕਰਮ-ਕਾਂਡਾਂ ਦਾ, ਮੁੜਕੇ ਰੱਬ ਹੀ ਹਿਸਾਬ ਕਰਾਵੇ,
ਜਿਸ ਤੇ ਕੀਤਾ ਦੁਖੀ ਹੋਵੇ ਪਰ, ਜਿਸਨੇ ਛੱਡਿਆ ਓਹਦਾ ਕੱਖ ਨਾ ਰਹਿ ਜਾਵੇ।

ਚੰਗੀ ਨੀਅਤ ਤੇ ਨੇਕ ਵਿਚਾਰਾਂ ਨਾਲ, ਸਰਬੱਤ ਦੇ ਭਲੇ ਦੀ ਅਰਦਾਸ ਜੋ ਵੀ ਕਰਾਵੇ,
ਵਾਹਿਗੁਰੂ ਪ੍ਰਤੱਖ ਹੋਵੇ ਤੇ ਘਰ ਪਹਿਰਾ ਦੇਵੇ, ਤੇ ਸਾਰੇ ਕਾਰਜ ਆਪ ਰਾਸ ਕਰਾਵੇ।

Friday, January 8, 2016

ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??







ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??

ਆਪਣੇ ਤੋਂ ਕਿਧਰੇ ਵੱਧ ਨਾਲਾਇਕਾਂ, ਨਖਿਧਾਂ,
ਅਤੇ ਵਿਹਲਿਆਂ ਦੀ ਚੜ੍ਹਤ ਵੇਖ,
ਮੇਰੀ ਹੈਰਾਨੀ ਦੀ ਹੱਦ ਨਾ ਮੁੱਕੀ।
ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??

ਡੀ.ਸੀ. ਵਾਲਾ ਪੇਪਰ ਲੈ ਬੈਠਾ ਸਾਨੂੰ ਸਾਡੀ ਜਾਤ ਤੋਂ,
ਸਿਆਸਤ ਲੈ ਬੈਠੀ ਸਾਨੂੰ ਸਾਡੀ ਔਕਾਤ ਤੋਂ,
ਕੰਪਿਊਟਰ ਲੈ ਬੈਠਾ ਆਪਣੀ ਤਕਨੀਕੀ ਕਰਾਮਾਤ ਤੋਂ,
ਇਹ ਸਭ ਕੁਝ ਵੇਖ ਮੇਰੀ ਸਬਰ ਵਾਲੀ ਰੂਹ ਵੀ ਥੱਕੀ।
ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??

ਕੁਝ ਪਾਉਣ ਲਈ ਕੁਝ ਗੁਆਉਣਾ ਪੈਂਦਾ ਇਹ ਸੁਣਿਆ ਸੀ,
ਪੱਲੇ ਕੱਖ ਨਾ ਰਿਹਾ ਜੋ ਹੁਸਨ, ਜੋਬਨ ਤੇ ਜੁਆਨੀ ਦਾ ਮਾਨ ਸੀ,
ਹਰਮਨ ਸਿੰਘ ਸਡਾਨਾ ਤੇ ਕਈ ਯਾਰਾਂ-ਬੇਲੀਆਂ ਤੇ ਮਸ਼ੂਕਾਂ ਦੀ ਜਾਨ ਸੀ,
ਹੁਣ ਤਾਂ ਇੰਨਾ ਥੱਲੇ ਡਿੱਗਾ ਜਿਵੇਂ ਕਣਕ ਦੇ ਭਾਅ ਜਾਵੇ ਮੱਕੀ।
ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??

ਅਸਾਂ ਤਾਂ ਕਦੇ ਵੀ ਕਿਸੇ ਦਾ ਕੁਝ ਵਿਗਾੜਿਆ ਨਾ,
ਤਕੜਾ ਤਾਂ ਦੂਰ, ਮਾੜੇ ਦਾ ਵੀ ਕਾਲਜਾ ਸਾੜਿਆ ਨਾ,
ਗੋਲੀ ਤਾਂ ਦੂਰ,  ਚਪੇੜ ਯਾਂ ਘਸੁਨ ਵੀ ਮਾਰਿਆ ਨਾ,
ਇਵੇਂ ਜਾਪਦਾ ਕਿਸੇ ਵੈਰਨ ਟੂਣਾ ਕਰਾਕੇ, ਹੋਵੇ ਸਾਡੀ ਕਿਸਮਤ ਡੱਕੀ।
ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??

ਇਹ ਨਹੀਂ ਕਹਿ ਸਕਦੇ ਕਿ ਜਿਮੇਵਾਰੀਆਂ ਦਾ ਇਹਸਾਸ ਨਹੀਂ,
ਕੋਸ਼ਿਸ਼ਾਂ ਕਰ-ਕਰ ਮੈਂ ਥਾਂ-ਥਾਂ ਖਾਧੀ ਖਾਕ ਨਹੀਂ,
ਇਹ ਵੀ ਨਹੀਂ ਕਹਿ ਸਕਦੇ ਕਿ ਸਾਨੂੰ ਸੰਘਰਸ਼ ਤੋਂ ਮੁਕਤੀ ਦੀ ਆਸ ਨਹੀਂ,
ਬਾਪੂ ਜੀ ਨਾਲ ਵੀ ਮੋਢਾ ਲਵਾਇਆ ਪਰ ਥੋੜੀ ਸੁਭਾਅ ਵਲੋਂ ਨਾ ਬਣ ਸਕੀ।
ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??

ਮੈਂ ਕਿਹੜਾ ਤੈਥੋਂ ਸਾਰਾ ਜਹਾਨ ਮੰਗ ਲਿਆ,
ਦੌਲਤਾਂ ਤੇ ਸ਼ੌਹਰਤਾਂ ਦਾ ਅਸਮਾਨ ਮੰਗ ਲਿਆ,
ਬਸ ਇਹੋ ਅਰਦਾਸ ਹੈ ਤੇਰੇ ਚਰਣਾਂ ਵਿਚ ਕਿ ਆਪਣੀ ਪਛਾਣ ਹੋਵੇ ਅਤੇ,
ਪਰਿਵਾਰ ਵੱਲ ਤੂੰ ਪਿਆਰ, ਇੱਜ਼ਤ ਤੇ ਹਿਫ਼ਾਜ਼ਤ ਦੀ ਨਿਗਾਹ ਨਾਲ ਤੱਕੀਂ।
ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??

ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??