ਮੇਰਾ ਦਿੱਲ ਪਸੀਜੇ, ਨਬਜ ਖਲੋਵੇ ਤੇ ਮਗਜ ਸੁੰਨ ਹੋ ਜਾਵੇ,
ਰੂਹ ਮੇਰੀ ਨੂੰ ਆਉਣ ਕੁਚੀਚੀਆਂ, ਸਰੀਰ ਛੱਡਣ ਨੂੰ ਆਵੇ।
ਕਿਸਦਾ ਆਸਰਾ, ਕਿਸਦੀ ਕਿਰਪਾ, ਜ਼ਿੰਦਗੀ ਤੁਰਦੀ ਹੀ ਜਾਵੇ,
ਕਈ ਸਿਆਣਪਾਂ ਅਜ਼ਮਾ ਲਾਈਆਂ, ਪਰ ਕੁਝ ਵੀ ਸਮਝ ਨਾ ਆਵੇ।
ਰੱਬ ਦੇ ਰੰਗਾਂ ਵਿੱਚ ਰਹਿਣਾ ਹੀ, ਅਸਲ ਜੀਣ ਦਾ ਢੰਗ ਅਖਵਾਵੇ,
ਭਾਣਾ ਮੰਨਕੇ ਵੀ ਬੇਚੈਨੀ ਰਹਿਣਾ, ਇਹ ਵੀ ਉਸਦੀ ਹੀ ਰਜ਼ਾ ਕਰਾਵੇ।
ਭੂਤ-ਭਵਿੱਖ ਵਿੱਚ ਫਸੀ ਸੋਚ ਦਾ, ਕਿਥੋਂ ਇਲਾਜ ਕਰਾਵੇ,
ਵਰਤਮਾਨ ਵਿੱਚ ਪਿਆ ਖ਼ਜ਼ਾਨਾ, ਚਿੰਤਾ ਵਿੱਚ ਹੀ ਲੁਟਾਵੇ।
ਨੇਕੀਆਂ ਬਦੀਆਂ ਦਾ ਹਿਸਾਬ ਕਰਦਾ, ਆਪਣੀ ਹੀ ਮਤ ਮਰਵਾਵੇ,
ਟੂਣੇ-ਟੋਟਕੇ ਤੇ ਡਾਕਟਰੀ ਇਲਾਜਾਂ, ਵਿੱਚ ਹੀ ਫਸਿਆ ਰਹਿ ਜਾਵੇ।
ਊਂਚ-ਨੀਚ ਦਾ ਹਿਸਾਬ ਕਰਦਾ, ਸਦਾ ਆਪਣੀ ਹੀ ਔਕਾਤ ਭੁਲਾਵੇ,
ਰੱਬ ਭੁਲਾਕੇ ਤੇ ਬੰਦਿਆਂ ਨੂੰ ਮੰਨਕੇ, ਜੀਵਨ ਵਿਅਰਥ ਗਵਾਵੇ।
ਉੱਚੀਆਂ ਉਡਾਰੀਆਂ ਤੇ ਸੋਹਣੀਆਂ ਪਰੀਆਂ, ਦੇ ਸੁਪਨੇ ਟੁੱਟਣ ਤੇ ਪਛਤਾਵੇ,
ਜੋ ਮਰ-ਜਾਣੀ ਡੈਨ ਨੇ ਕਾਲਾ ਟੂਣਾ ਕਰਾਇਆ, ਓਹਦਾ ਇਲਾਜ ਹਰਮਨ ਕਿਥੋਂ ਕਰਾਵੇ?
ਸਾੜੇ ਵਿਚ ਕੀਤੇ ਕਰਮ-ਕਾਂਡਾਂ ਦਾ, ਮੁੜਕੇ ਰੱਬ ਹੀ ਹਿਸਾਬ ਕਰਾਵੇ,
ਜਿਸ ਤੇ ਕੀਤਾ ਦੁਖੀ ਹੋਵੇ ਪਰ, ਜਿਸਨੇ ਛੱਡਿਆ ਓਹਦਾ ਕੱਖ ਨਾ ਰਹਿ ਜਾਵੇ।
ਚੰਗੀ ਨੀਅਤ ਤੇ ਨੇਕ ਵਿਚਾਰਾਂ ਨਾਲ, ਸਰਬੱਤ ਦੇ ਭਲੇ ਦੀ ਅਰਦਾਸ ਜੋ ਵੀ ਕਰਾਵੇ,
ਵਾਹਿਗੁਰੂ ਪ੍ਰਤੱਖ ਹੋਵੇ ਤੇ ਘਰ ਪਹਿਰਾ ਦੇਵੇ, ਤੇ ਸਾਰੇ ਕਾਰਜ ਆਪ ਰਾਸ ਕਰਾਵੇ।
No comments:
Post a Comment