Thursday, December 31, 2015

ਮੌਕਾਪ੍ਰਸਤੀ (Strictly18 or above)

ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ,

ਆਓ ਕੁਝ ਕੌੜੇ ਸੱਚ ਸਾਂਝੇ ਕਰੀਏ,
ਵਿਚੋਂ ਕੱਢਕੇ ਗਿਆਨ ਦੀ ਬਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਚੰਦਰੀ ਮਾਇਆ ਦੇ ਮਗਰ ਲੱਗਕੇ ਟੁੱਟ ਗਏ ਵਿਆਹ,
ਰੁਲਿਆ ਬਚਪਨ ਤੇ ਬੁਢੇਪੇ ਦੀ ਹਾਲਤ ਹੋਈ ਖਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਸੱਚਾ ਆਸ਼ਿਕ਼ ਪੂਜੇ ਦਿਲੋਂ ਭਾਵੇਂ ਵਾਂਗ ਕਿਸੇ ਦੇਵੀ ਦੇ,
ਫੇਰ ਵੀ ਅਮੀਰ ਨਾਲ ਜਾ ਬੈਠੀ ਜਿਵੇਂ ਮਹਿੰਗੇ ਭਾਅ ਦੀ ਗਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਜੜ੍ਹ ਪੁੱਟ ਵਿਰਸੇ ਦੀ ਬਣੇ ਉਪਾਸਕ ਡੇਰੇ ਵਾਲਿਆਂ ਦੇ,
ਅਨਪੜ੍ਹ ਲੋਕਾਂ ਧੁਰੋਂ ਮਿਟਾਈ ਸਾਡੇ ਸ਼ਬਦ ਗੁਰੂ ਦੀ ਹਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਬਿਨਾ ਸੋਚੇ ਤੇ ਵਿਚਾਰੇ ਬ੍ਰਾਹਮਣੀ ਮੱਤ ਦੇ ਚਾਰੇ ਵਰਨਾਂ ਨੂੰ,
ਸਿੱਖੀ ਨੂੰ ਬਣਾ ਛੱਡਿਆ ਜੱਟਾਂ, ਮਝਬੀਆਂ, ਖਤਰੀਆਂ ਤੇ ਭਾਪਿਆਂ ਦੀ ਬਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਊਂਚ-ਨੀਚ ਨੂੰ ਸਮਾਜ ਨੇ ਬਣਾ ਛੱਡਿਆ, ਬੇਮਤਲਬ ਦਾ ਹਉਆ,
ਜਿਸਦਾ ਦਾਅ ਲੱਗਾ ਚੜ੍ਹਤ ਅਖਵਾਵੇ, ਜਿਸਦਾ ਨਾ ਲੱਗਾ ਓਹਦੀ ਸ਼ਕਸੀਅਤ ਸਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਕੋਈ ਸ਼ਿਰੋਮਣੀ-ਕਮੇਟੀ ਵਾਲਾ ਵਿਚਾਰੇ ਤੇ ਪੰਥਕ ਅਖਵਾਵੇ,
ਕੋਈ ਆਮ ਸਿੱਖ ਵਿਚਾਰੇ ਤੇ ਬਣਜੇ ਨਿਜ-ਪ੍ਰਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਆਗੂਆਂ ਲਾਹ ਸੁੱਟੀ ਸ਼ਰਮ-ਹਯਾ ਤੇ ਰੋਜ਼ ਬਦਲਨ ਜਥੇਬੰਦੀਆਂ,
ਸੰਗਤ ਲੁੱਟ-ਲੁੱਟ ਘਰ ਭਰਨ ਆਪਣੇ ਤੇ ਕਹਿਣ ਪੰਥ-ਪ੍ਰਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਗਏ ਜ਼ਮਾਨੇ ਆਪਣੇ ਫਰਜ਼ ਨੂੰ ਰੱਬ ਦਾ ਬਖਸ਼ਿਆ ਕਾਜ ਸਮਝਣ ਦੇ,
ਪੰਡਿਤ, ਪਾਠੀ, ਡਾਕਟਰ, ਅਫਸਰ, ਸਭਨੂੰ ਚਾਹੀਦੀ ਨੋਟਾਂ ਦੀ ਗੁਲਦਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਕਲਾਕਾਰਾਂ ਕਿਹੜਾ ਕੁਫ਼ਰ ਨਾ ਤੋਲਿਆ ਕੇਵਲ ਮਾਇਆ ਲਈ,
ਰੂਹਾਨੀ ਕਲਾ ਬਣਾ ਛੱਡੀ ਭੜਕੀਲੀ, ਲੱਚਰ, ਵਿਕਾਊ ਤੇ ਸਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਕੋਈ ਮੁੱਲਾ ਸ਼ਰਾਬ ਪੀਵੇ ਤੇ ਕਾਫ਼ਿਰ ਅਖਵਾਵੇ,
ਕੋਈ ਕਾਦਰੀ ਚਰਸ ਪੀਵੇ ਤੇ ਆਖਣ ਹੈ ਵਿਚ ਮਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਬਿਨਾ ਮਾਇਆ ਧਾਰਮਕ ਅਸਥਾਨ ਵੀ ਇੰਜ ਲੱਗਣ,
ਜਿਵੇਂ ਕਿਸੇ ਮਜਦੂਰ ਦੀ ਕਹੀ ਬਿਨਾ ਦਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

No comments:

Post a Comment