Thursday, April 30, 2015

ਮੈਂ ਗਭਰੂ ਦੇਸ਼ ਪੰਜਾਬ ਦਾ, ਬੇਜਾਨ ਜਿਹਾ ਹੋਕੇ ਰਹਿ ਗਿਆ।

ਬੜੇ ਚਿਰਾਂ ਦਾ ਭਰਿਆ ਪੀਤਾ, ਅੱਜ ਮੈਨੂੰ ਨਾ ਰੋਕੋ,
ਹਾਅ ਨਿਕਲੀ ਮੇਰੇ ਦਿਲ ਦੇ ਵਿਚੋਂ, ਕਹਿਣ ਦਿੳ ਮੈਨੂੰ ਵੇ ਲੋਕੋ।
ਮਰ ਗਿਆ ਮੇਰਾ ਜ਼ਮੀਰ ਤੇ ਨਾਲੇ, ਮੇਰਾ ਦੀਨ ਇਮਾਨ ਸਭ ਗਿਆ,
ਮੈਂ ਗਭਰੂ ਦੇਸ਼ ਪੰਜਾਬ ਦਾ, ਬੇਜਾਨ ਜਿਹਾ ਹੋਕੇ ਰਹਿ ਗਿਆ।

ਮੁੱਲ ਆਪਣਾ ਮੈਂ ਭੁੱਲਾ ਛੱਡਿਆ, ਹੁੰਦਾ ਸੀ ਮੈਂ ਦੇਸ਼ ਦਾ ਗਹਿਣਾ,
ਮੇਰਾ ਤਾਂ ਮਾਨ ਕਰਦੀਆਂ ਸਨ, ਹਿੰਦੂ ਤੇ ਮੁਸਲਮਾਨ ਭੈਣਾਂ।
ਸਾਡੇ ਵੱਲ ਕਿਤੇ ਅੱਖ ਨਾ ਕਰਿੳ, ੳ! ਸਾਡਾ ਖਾਲਸਾ ਵੀਰ ਖੜਿਆ,
ਮੈਂ ਗਭਰੂ ਦੇਸ਼ ਪੰਜਾਬ ਦਾ, ਬੇਜਾਨ ਜਿਹਾ ਹੋਕੇ ਰਹਿ ਗਿਆ।

ਮੇਰੀ ਸੂਰਬੀਰਤਾ ਦੇ ਕਿੱਸੇ, ਲਿਖੇ ਗੈਰ-ਪੰਜਾਬੀਆਂ ਨੇ,
ਮੇਰੀ ਸ਼ੇਰਾਂ ਵਰਗੀ ਦਹਾੜ, ਪਾਉਂਦੀ ਸੀ ਜਾਲਮ ਨੂੰ ਪੜ੍ਹਨੇ।
ਅੱਜ ਮੇਰੇ ਡੌਲਿਆਂ ਵਿਚੋਂ, ਜ਼ੋਰ ਇਲਾਹੀ ਮੁਕ ਚੱਲਿਆ,
ਮੈਂ ਗਭਰੂ ਦੇਸ਼ ਪੰਜਾਬ ਦਾ, ਬੇਜਾਨ ਜਿਹਾ ਹੋਕੇ ਰਹਿ ਗਿਆ।

ਮੇਰੀ ਸਾਬਤ ਸੂਰਤ ਸੋਹਣੀ ਦਸਤਾਰ, ਹੁੰਦੀ ਸੀ ਪਛਾਣ ਜਗ'ਤੇ,
ਸ਼ੇਰੋਂ ਭੇਡ ਬਣ ਗਿਆ ਮੈਂ, ਗੁਰਾਂ ਦੀ ਦਿਤੀ ਸ਼ਾਨ ਛੱਡਕੇ।
ਉਚੀ ਉਡਾਰੀ ਦੇ ਲਾਲਚ ਵਿਚ, ਮੁਦੇ ਮੂੰਹ ਆਕੇ ਡਿੱਗ ਪਿਆ,
ਮੈਂ ਗਭਰੂ ਦੇਸ਼ ਪੰਜਾਬ ਦਾ, ਬੇਜਾਨ ਜਿਹਾ ਹੋਕੇ ਰਹਿ ਗਿਆ।

ਮੇਰੇ ਚਹਿਰੇ ਦਾ ਨੂਰ ਵੇਖਕੇ, ਮੌਸਮ ਰੰਗ ਬਦਲਦਾ ਸੀ,
ਮੇਰਾ ਜ਼ੋਰ ਤੇ ਜੁਆਨੀ ਦੇਖਕੇ, ਮੁਟਿਆਰਾਂ ਦਾ ਦਿਲ ਮਚਲਦਾ ਸੀ।
ਅੱਜ ਮੈਨੂੰ ਛੱਡਕੇ ਪੰਜਾਬਣਾਂ ਨੂੰ, ਵਿਦੇਸ਼ ਵਸਨ ਦਾ ਚਸਕਾ ਪੈ ਗਿਆ,
ਮੈਂ ਗਭਰੂ ਦੇਸ਼ ਪੰਜਾਬ ਦਾ, ਬੇਜਾਨ ਜਿਹਾ ਹੋਕੇ ਰਹਿ ਗਿਆ।

ਸਖ਼ਤ ਮਿਹਨਤ ਤੇ ਖੁੱਲੀ ਖੁਰਾਕ, ਹੁੰਦੀ ਸੀ ਮੇਰੀ ਨਿਸ਼ਾਨੀ,
ਖਾਲਸ ਦੁੱਧ ਤੇ ਘਿਓ ਦੇ ਨਾਲ, ਬਾਜਰੇ ਦੀ ਰੋਟੀ ਤੇ ਖੂਹ ਦਾ ਪਾਣੀ।
ਹੁਣ ਤਾਂ ਪੀਜ਼ੇ-ਪਾਸਤੇ ਖਾ ਕੇ, ਸ਼ਰਾਬਾਂ ਜੋਗਾ ਹੀ ਰਹਿ ਗਿਆ,
ਮੈਂ ਗਭਰੂ ਦੇਸ਼ ਪੰਜਾਬ ਦਾ, ਬੇਜਾਨ ਜਿਹਾ ਹੋਕੇ ਰਹਿ ਗਿਆ।

ਮੈਂ ਤਾਂ ਮਾਨ ਕਰਦਾ ਸੀ, ਆਪਣੇ ਦੇਸ਼ ਦੀ ਵਿਸ਼ਾਲਾਤਾ ਉੱਤੇ,
ਮੇਰੇ ਆਗੂਆਂ ਦੇ ਜ਼ਮੀਰ, ਨਸ਼ੇ ਦੇ ਵਿਚ ਪਏ ਨੇ ਸੁੱਤੇ।
ਨਜ਼ਰ ਲੱਗੀ ਮੇਰੇ ਪੰਜਾਬ ਨੂੰ, ਵਿਹੜਾ ਇਸਦਾ ਵੰਡਿਆ ਗਿਆ,
ਮੈਂ ਗਭਰੂ ਦੇਸ਼ ਪੰਜਾਬ ਦਾ, ਬੇਜਾਨ ਜਿਹਾ ਹੋਕੇ ਰਹਿ ਗਿਆ।

ਕਈ ਤਸ਼ੱਦਦ ਸਹੇ ਨੇ, ਮੇਰੇ ਪੰਜਾਬ ਦੀ ਧਰਤੀ ਨੇ,
ਚਾਨਣਾ ਵੀ ਵਾਧੂ ਕੀਤਾ, ਆਕੇ ਗੁਰੂਆਂ ਪੀਰਾਂ ਨੇ।
ਪਾਖੰਡੀਆਂ ਆਪ ਨੂੰ ਗੁਰੂ ਅਖਵਾਇਆ, ਇਹ ਕੀ ਭਾਣਾ ਵਰਤ ਗਿਆ,
ਮੈਂ ਗਭਰੂ ਦੇਸ਼ ਪੰਜਾਬ ਦਾ, ਬੇਜਾਨ ਜਿਹਾ ਹੋਕੇ ਰਹਿ ਗਿਆ।

ਮੈਂ ਗਭਰੂ ਦੇਸ਼ ਪੰਜਾਬ ਦਾ, ਬੇਜਾਨ ਜਿਹਾ ਹੋਕੇ ਰਹਿ ਗਿਆ।
ਮੈਂ ਗਭਰੂ ਦੇਸ਼ ਪੰਜਾਬ ਦਾ, ਬੇਜਾਨ ਜਿਹਾ ਹੋਕੇ ਰਹਿ ਗਿਆ।

No comments:

Post a Comment